ਠੰਡ ਤੋਂ ਬਚਣ ਲਈ ਗੈਸ ਬਾਲ੍ਹ ਕੇ ਕੀਤਾ ਨਿੱਘ 3 ਪੰਜਾਬੀਆਂ ਦੀ ਮੌਤ ਦਾ ਕਾਰਨ ਬਣਿਆ
ਵਿਚੈਂਸਾ (ਇਟਲੀ) 1 ਜਨਵਰੀ (ਕੈਂਥ) – ਸਾਲ 2017 ਨੂੰ ਜੀ ਆਇਆ ਕਹਿਣ ਲਈ 31 ਦਸੰਬਰ ਦੀ ਰਾਤ ਪੂਰੀ ਦੁਨੀਆ ਵਿੱਚ ਜਸ਼ਨ ਮਨਾਏ ਗਏ। ਯੂਰਪ ਭਰ ਵਿੱਚ ਪਟਾਕੇ ਚਲ੍ਹਾ ਕੇ ਅਤੇ ਧਮਾਲਾਂ ਪਾਕੇ ਸਭ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ, ਪਰ ਇਸ ਗੱਲ ਦੀ ਇਟਲੀ ਵਿੱਚ ਰਹਿੰਦੇ ਉਹਨਾਂ 3 ਭਾਰਤੀਆਂ ਨੂੰ ਰਤਾ ਵੀ ਭਣਕ ਨਹੀਂ ਸੀ ਕਿ ਦਸੰਬਰ ਮਹੀਨਾ ਸਾਲ 2016 ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਜੀਵਨ ਦਾ ਵੀ ਆਖ਼ਿਰੀ ਮਹੀਨਾ ਸਾਬਤ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਪੇਤਰੋ ਮੂਸੋਲੀਨੋ ਪਹਾੜੀ ਖੇਤਰ ਵਿਖੇ ਰਹਿੰਦੇ 3 ਭਾਰਤੀਆਂ, ਜਿਹੜੇ ਕਿ ਕੰਪਨੀਆਂ ਦੀ ਮਸ਼ਹੂਰੀ ਲਈ ਇਲਾਕੇ ਵਿੱਚ ਪੇਪਰ ਵੰਡਣ ਦਾ ਕੰਮ ਕਰਦੇ ਸਨ, ਇਹ ਪੰਜਾਬ ਨਾਲ ਸਬੰਧਿਤ ਨੌਜਵਾਨ 30 ਦਸੰਬਰ ਦੀ ਰਾਤ ਨੂੰ ਜਦੋਂ ਤਾਪਮਾਨ ਜ਼ੀਰੋ ਤੋਂ ਵੀ ਥੱਲੇ ਸੀ, ਠੰਡ ਤੋਂ ਬਚਣ ਲਈ ਕਾਰਬਨ ਮੋਨੋਆਕਸਾਈਡ ਗੈਸ ਨਾਲ ਚੱਲਣ ਵਾਲੇ ਹੀਟਰ ਨੂੰ ਕਮਰੇ ਵਿੱਚ ਚਲਾਕੇ ਸੌਂ ਗਏ, ਪਰ ਘਰ ਅੰਦਰ ਹਵਾ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਨਾਲ ਆਕਸੀਜਨ ਦੀ ਵੱਡੇ ਪੱਧਰ ਉੱਤੇ ਘਾਟ ਆ ਗਈ, ਜਿਸ ਨਾਲ ਕਿ ਤਿੰਨੇ ਪੰਜਾਬੀ ਨੌਜਵਾਨਾਂ ਦੀ ਨੀਂਦ ਵਿੱਚ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮ੍ਰਿਤਕ ਨੌਜਵਾਨਾਂ ਜਿਨ੍ਹਾਂ ਦੀ ਉਮਰ ਕ੍ਰਮਵਾਰ 29, 35 ਤੇ 40 ਸਾਲ ਦੱਸੀ ਜਾ ਰਹੀ ਹੈ, ਦੇ ਇੱਕ ਗੁਆਂਢੀ ਦੋਸਤ ਨੇ ਉਦੋਂ ਦਿੱਤੀ, ਜਦੋਂ ਘਰ ਵਿੱਚ ਕਾਫ਼ੀ ਦਿਨ ਚੜੇ ਵੀ ਕੋਈ ਹਰਕਤ ਨਾ ਹੋਈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਵਿਸ਼ੇਸ਼ ਮੈਡੀਕਲ ਟੀਮ ਘਟਨਾ ਸਥਲ ਉੱਤੇ ਪਹੁੰਚ ਗਈ, ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਬਣੀ ਜਹਿਰ ਕਾਰਨ ਮਰਨ ਵਾਲੇ ਇਹ ਪਹਿਲੇ ਭਾਰਤੀ ਨਹੀਂ ਹਨ, ਇਸ ਤੋਂ ਪਹਿਲਾਂ ਵੀ ਕਈ ਭਾਰਤੀ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪਤਾ ਨਹੀਂ ਇਟਲੀ ਦੇ ਭਾਰਤੀ ਸੌਣ ਸਮੇਂ ਆਪਣੇ ਮੰਜੇ ਦੇ ਸਿਰਹਾਣੇ ਆਪਣੀ ਮੌਤ ਦਾ ਸਮਾਨ ਰੱਖ ਕੇ ਬੇਫਿਕਰੇ ਹੋ ਕਿਵੇਂ ਸੌ ਜਾਂਦੇ ਹਨ। ਇਸ ਘਟਨਾ ਨਾਲ ਸਮੁੱਚੇ ਭਾਰਤੀਆਂ ਵਿਚ ਸੋਗ ਦੀ ਲਹਿਰ ਹੈ ਅਤੇ ਭਾਰਤੀਆਂ ਲਈ ਨਵਾਂ ਸਾਲ ਵੀ ਬੇਰੰਗ ਜਿਹਾ ਰਿਹਾ।
Subscribe to:
Post Comments (Atom)

No comments:
Post a Comment